ਪੰਜਾਬੀਓ ਗੁੜ ਦੇ ਰੂਪ ‘ਚ ਕੋਰੀ ਜ਼ਹਿਰ ਖਾ ਰਹੇ ਹੋ ਤੁਸੀਂ

ਸਤਿ ਸ੍ਰੀ ਅਕਾਲ ਜੀ  ਜੋ ਆਪਾਂ ਯੂ  ਪੀ ਦਾ ਗੁੜ ਖਾਂਦੇ ਹਾਂ ,ਉਸਦੀ ਅੱਖੀਂ ਵੇਖੀ ਸੱਚਾਈ ਜੋ ਕੇ ਹਰਦੀਪ ਸਿੰਘ ਜਟਾਣਾ ਨੇ ਲਿਖੀ ਹੈ ਅਤੇ ਨਾਲ ਫੋਟੋ ਵੀ ਹਨ ਜੋ ਕੇ ਉੱਥੇ  ਖਿੱਚੀਆਂ ਹਨ ਇਸ ਤੋਂ ਅੱਗੇ  ਜਟਾਣਾ ਸਾਬ ਦੀ ਕਲਮ  ਪੰਜਾਬੀਓ ਗੁੜ ਦੇ ਰੂਪ ‘ਚ ਕੋਰੀ ਜ਼ਹਿਰ ਖਾ ਰਹੇ ਹੋ ਤੁਸੀਂ! 29 ਸਤੰਬਰ ਨੂੰ ਮੈਂ ਬੇਟੇ ਕੁੰਵਰਦੀਪ ਤੇ ਇੱਕ ਹੋਰ ਸਾਥੀ ਨਾਲ ਦੂਸਰੀ ਵਾਰ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਸ਼ਾਮਲੀ ਗਿਆ। ਜਦੋਂ ਅਸੀਂ ਜਮਨਾ ਕੋਲ ਪੁੱਜੇ ਤਾਂ ਹਰ ਪਾਸੇ ਗੰਨੇ ਦੇ ਖੇਤ ਦੇਖ ਕੁੰਵਰ ਰੋਮਾਂਚਿਤ ਹੋ ਗਿਆ। ਯੂ ਪੀ ‘ਚ ਵੜੇ ਤਾਂ ਸੜਕ ਕਿਨਾਰੇ ਥਾਂ ਥਾਂ ਲੱਗੇ ਘੁਲਾੜਿਆਂ ਦੀਆਂ ਚਿਮਨੀਆਂ ਵਿੱਚੋਂ ਧੂਆਂ ਨਿਕਲਦਾ ਤੇ ਵੱਡੀ ਗਿਣਤੀ ਕਾਮਿਆਂ ਵੱਲੋਂ ਗੁੜ ਬਣਾਏ ਜਾਣ ਦੇ ਦ੍ਰਿਸ਼ ਵੇਖੇ। ਉਸੇ ਦਿਨ ਵਾਪਸੀ ਕਰਨ ਕਰਕੇ ਕੁੰਵਰ ਦੇ ਵਾਰ ਵਾਰ ਕਹਿਣ ‘ਤੇ ਵੀ ਅਸੀਂ ਘੁਲਾੜੇ ਵੇਖਣ ਲਈ ਗੱਡੀ ਨਾ ਰੋਕੀ ਤੇ ਵਾਪਸੀ ‘ਤੇ ਰੁਕਣ ਦਾ ਵਾਅਦਾ ਕੀਤਾ। ਸ਼ਾਮਲੀ ‘ਚ ਸਾਰੇ ਕੰਮ ਨਿਪਟਾਉਂਣ ਲਈ ਤਿੰਨ ਕੁ ਘੰਟੇ ਲਾ ਅਸੀਂ ਵਾਪਸ ਮੁੜ ਪਏ।ਝਝਿਆਣਾ ਤੱਕ ਦੱਸ ਕੁ ਘੁਲਾੜੇ ਅਸੀਂ ਗੱਡੀ ਰੋਕ ਕੇ ਵਿੱਚੋਂ ਬੈਠੇ ਹੀ ਵੇਖੇ। ਅੱਗ ਤਾਂ ਚੱਲ ਰਹੀ ਸੀ ਪਰ ਕਿਧਰੇ ਵੀ ਨਾ ਗੰਨਾ ਸੀ ਨਾ ਮਸ਼ੀਨ ਚੱਲ ਰਹੀ ਸੀ ਤੇ ਨਾ ਹੀ ਪਹਿਲਾਂ ਪੀੜੇ ਗਏ ਗੰਨੇ ਦੀ ਟੋਕ( ਖੋਈ) ਦਿਸੀ। ਪਿਛਲੇ ਸਾਲ ਸਭ ਕੁੱਝ ਵੇਖਣ ਕਰਕੇ ਮੈਂ ਤਾਂ ਅੰਦਰਲੇ ਸੱਚ ਤੋ ਜਾਣੂ ਸੀ ਪਰ ਕੁੰਵਰ ਦੀ ਰੌਚਿਕਤਾ ਵਧਦੀ ਜਾ ਰਹੀ ਸੀ। ਅਸੀਂ ਰਜਾਕ ਨਗਰ ਕੋਲ ਦੋ ਜੁੜਵਾ ਘੁਲਾੜਿਆਂ ‘ਤੇ ਗੱਡੀ ਰੋਕ ਲਈ। ਮਜ਼ਦੂਰ ਗੰਡ ‘ਚ ਤਿਆਰ ਕੀਤੇ ਪਏ ਗੁੜ ਰੂਪੀ ਸਮਾਨ ਦੀਆਂ ਨਿੱਕੀਆਂ ਨਿੱਕੀਆਂ ਪੇਸ਼ੀਆਂ ਬਣਾ ਰਹੇ ਸਨ। ਗੁੜ ਦਾ ਰੰਗ ਵੇਖ ਕੇ ਬਹੁਤ ਸੋਹਣਾ ਲੱਗ ਰਿਹਾ ਸੀ। ਕੋਲ ਹੀ ਪੈਕ ਕਰਨ ਲਈ ਸਪੈਸ਼ਲ ਗੁੜ ਲਿਖੇ ਡੱਬਿਆਂ ਦਾ ਢੇਰ ਪਿਆ ਸੀ।ਜਦੋਂ ਅਸੀਂ ਹੋਰ ਨੇੜੇ ਗਏ ਤਾਂ ਲੀਰਾਂ ਦੀ ਖਿੱਦੋ ਉਧੜਨੀ ਸ਼ੁਰੂ ਹੋ ਗਈ। ਇੱਕ ਪਾਸੇ ਗ਼ੈਰ ਮਿਆਰੀ ਚੀਨੀ ਦੀਆਂ ਸੈਂਕੜੇ ਬੋਰੀਆਂ ਦਾ ਢੇਰ ਪਿਆ ਸੀ ਤੇ ਇੱਕ ਪਾਸੇ ਬੁਰੀ ਤਰ੍ਹਾਂ ਪਿਘਲੇ ਗੁੜ ਦੇ ਗੱਟੇ ਤੇ ਦਰਿਆ ਚੱਲਿਆ ਹੋਇਆ ਸੀ। ਪਹਿਲੀ ਤਵੀ ‘ਚ ਘੋਲਿਆ ਸਮਾਨ ਵੀ ਵੇਖਿਆ ਨਹੀਂ ਸੀ ਜਾ ਰਿਹਾ। ਕਿਸੇ ਬੇਪਹਿਚਾਣੇ ਸਮਾਨ ਦੇ ਵੀਹ ਕੁ ਪੀਪੇ ਪਏ ਸਨ। ਗੁੜ ਦੀ ਤਿਆਰੀ ਵੇਖ ਕੇ ਰਿਹਾ ਨਾ ਗਿਆ। ਮੈਂ ਮਾਲਕ ਨਾਲ ਗੱਲ ਸ਼ੁਰੂ ਕੀਤੀ ਕਿ ਇਹ ਗੁੜ ਕਿੱਧਰ ਜਾਵੇਗਾ? ਉਹ ਆਹਦਾ ਜੀ ਇਹ ਸਾਰਾ ਸਮਾਨ ਤਿਉਹਾਰਾਂ ‘ਤੇ ਵਿੱਕਰੀ ਲਈ ਦਿੱਲੀ, ਪੰਜਾਬ, ਹਰਿਆਣਾ ਤੇ ਹੋਰ ਗੁਆਂਢੀ ਸੂਬਿਆਂ ਲਈ ਜਾਵੇਗਾ। ਫੇਰ ਮੈਂ ਪੁੱਛਿਆ ਤੁਸੀਂ ਐਨਾ ਮਾੜਾ ਸਮਾਨ ਮਿਲਾ ਕੇ ਸ਼ਰੇਆਮ ਗੁੜ ਬਣਾ ਰਹੇ ਹੋਂ ਤੁਹਾਨੂੰ ਕੋਈ ਰੋਕਦਾ ਨਹੀਂ ? ਤਾਂ ਉਹ ਆਹਦਾ ਜੀ ਇਹ ਹੈ ਤਾਂ ਗ਼ੈਰ ਕਾਨੂੰਨੀ ਪਰ ਮਿਲ ਜੁੱਲ ਕੇ ਸਭ ਚੱਲ ਜਾਂਦਾ ਹੈ। ਉਹ ਆਹਦਾ ਜੀ ਅਸੀਂ ਕਰੀਏ ਵੀ ਕੀ ਜਦੋਂ ਸਹੀ ਮਾਲ ਦਾ ਪੂਰਾ ਮੁੱਲ ਨਹੀਂ ਮਿਲਦਾ ਤਾਂ ਸਸਤੇ ਭਾਅ ਵੇਚਣ ਲਈ ਇਹ ਮਿਲਾਵਟ ਕਰਦੇ ਹਾਂ। ਮੈਂ ਕਿਹਾ ਇਸਨੂੰ ਤੁਹਾਡੇ ਤੋਂ ਖਰੀਦਦਾ ਕੌਣ ਹੈ? ਉਹ ਆਹਦਾ ਜੀ ਵੱਡੇ ਵਪਾਰੀ । ਮੈਂ ਪੁੱਛਿਆ ਕੀ ਤੁਸੀਂ ਇਹ ਗੁੜ ਘਰੇ ਵੀ ਵਰਤਦੇ ਹੋਂ? ਤਾਂ ਉਸਦਾ ਉੱਤਰ ਸੀ ਅਸੀਂ ਆਪਣੇ ਬੱਚੇ ਮਾਰਨੇ ਨੇ। ਅੱਧਾ ਕੁ ਘੰਟਾ ਲਾ ਅਸੀਂ ਤੁਰ ਪਏ। ਮੇਰੀ ਗੱਲਬਾਤ ਦੌਰਾਨ ਕੁੰਵਰ ਤੇ ਕਾਲੇ ਨੇ ਘੁਲਾੜੇ ਦੇ ਇਰਦ ਗਿਰਦ ਜੋ ਕੁੱਝ ਵੇਖਿਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਸਿਰਫ ਅੱਖੀਂ ਹੀ ਵੇਖਿਆ ਜਾ ਸਕਦਾ ਹੈ। ਗੱਡੀ ‘ਚ ਬੈਠ ਅਸੀਂ ਵਾਪਸ ਮੁੜ ਪਏ। ਕੁੰਵਰ ਆਹਦਾ ਪਾਪਾ ਅਸੀਂ ਦਿਨ ਵਿੱਚ ਘੱਟੋ ਘੱਟ ਪੰਜ ਵਾਰ ਮਿੱਠੇ ਦੀ ਵਰਤੋਂ ਕਰਦੇ ਹਾਂ। ਦਿਨ ‘ਚ ਪੰਜ ਵਾਰ ਇਸ ਤਰ੍ਹਾਂ ਦੀ ਜ਼ਹਿਰ ਖਾ ਕੇ ਅਸੀਂ ਬਚਾਂਗੇ ਕਿਵੇਂ? ਉਸਨੂੰ ਪੰਜਾਬੀਆਂ ਦੇ ਰੋਗੀ ਹੋਣ ਦੀ ਗੱਲ ਸਮਝ ਪੈ ਚੁੱਕੀ ਸੀ। ਕੈਂਸਰ, ਸੂਗਰ, ਗੋਡੇ ਦੁਖਣ, ਲੀਵਰ ਖਤਮ ਹੋਣ, ਬੱਚਿਆਂ ਦੇ ਦੰਦ ਵਾਲ ਤੇ ਨਜ਼ਰ ਜਾਣ ਦੇ ਅਸਲੀ ਕਾਰਣ ਵੀ ਲੱਭ ਲਏ ਸਨ।ਸਾਰਾ ਵਿਤਰਾਂਤ ਅੱਖੀਂ ਵੇਖ ਉਸਨੇ ਸਹੁੰ ਖਾ ਲਈ ਸੀ ਕਿ ਅੱਜ ਤੋਂ ਬਾਅਦ ਕਦੇ ਵੀ ਬਜ਼ਾਰੂ ਜਾਂ ਗਲ਼ੀਆਂ ‘ਚ ਵਿਕਦਾ ਗੁੜ ਮੂੰਹ ਨਹੀਂ ਲਾਵਾਂਗਾ। ਫਿਰ ਅਸੀਂ ਪੰਜਾਬੀਆਂ ਦੇ ਇਸ ਜ਼ਹਿਰ ਤੋਂ ਮੁਕਤੀ ਦੇ ਰਾਹ ਤਲਾਸ਼ਣ ਲੱਗੇ। ਮੈਂ ਕਿਹਾ ਜੇਕਰ ਪੰਜਾਬ ਦਾ ਹਰ ਕਿਸਾਨ ਇੱਕ ਕਨਾਲ਼ ਖੇਤ ‘ਚ ਵੀ ਗੰਨਾ ਬੀਜਣ ਲੱਗ ਪਵੇ ਤਾਂ ਅੱਧੋਂ ਵੱਧ ਪੰਜਾਬ ਤੰਦਰੁਸਤ ਹੋ ਜਾਵੇਗਾ। ਪਿੰਡਾਂ ਦੀਆਂ ਰੌਣਕਾਂ ਤੇ ਮਹਿਕਾਂ ਵੀ ਮੁੜ ਪੈਣਗੀਆਂ। ਖਰਚ ਵੀ ਘਟੇਗਾ ਤੇ ਸਿਹਤ ਵੀ ਤੰਦਰੁਸਤ। ਵੱਲੋਂ : ਹਰਦੀਪ ਸਿੰਘ ਜਟਾਣਾ,9417254517

Leave a Comment